ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਵਿੱਚ ਕਿਹੜੀ ਖੁਸ਼ੀ ਵਿੱਚ ਵੰਡੇ ਲੱਡੂ
ਬਠਿੰਡਾ 24 ਨਵੰਬਰ (ਦਾ ਪੋਸਟਮੇਲ ਬਿਊਰੋ)-ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਬੇਸ਼ੱਕ ਭਾਜਪਾ ਦੇ ਉਮੀਦਵਾਰ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਮਾਨਤ ਜਬਤ ਹੋ ਗਈ ਹੈ। ਪਰ ਫਿਰ ਵੀ ਉਨਾਂ ਨੇ ਅੱਜ ਗਿੱਦੜਵਾਹਾ ਵਿੱਚ ਲੱਡੂ ਵੰਡੇ। ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਵਾਹਾ ਵਿੱਚ ਆਪਣੀ ਰਿਹਾਇਸ਼ ਤੇ ਲੱਡੂ ਵੰਡੇ ਜਾਣ ਨੂੰ ਲੈ ਕੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਹਲਕੇ ਤੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹਰਦੀਪ ਸਿੰਘ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਧਾਇਕ ਬਣ ਚੁੱਕੇ ਹਨ। ਜਦੋਂ ਕਿ ਭਾਜਪਾ ਦੇ ਖਾਤੇ ਵਿੱਚ ਚੋਣ ਲੜਨ ਵਾਲੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਮਾਨਤ ਹੀ ਜਬਤ ਹੋ ਗਈ। ਹੁਣ ਲੋਕਾਂ ਵਿੱਚ ਚਰਚਾ ਇਸ ਗੱਲ ਦੀ ਚੱਲ ਰਹੀ ਹੈ ਕਿ ਮਨਪ੍ਰੀਤ ਬਾਦਲ ਦੀ ਤਾਂ ਜਮਾਨਤ ਜਬਤ ਹੋ ਗਈ ਫਿਰ ਉਹਨਾਂ ਵੱਲੋਂ ਲੱਡੂ ਕਿਸ ਖੁਸ਼ੀ ਵਿੱਚ ਵੱਡੇ ਜਾ ਰਹੇ ਹਨ ? ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਕੀ ਮਨਪ੍ਰੀਤ ਸਿੰਘ ਬਾਦਲ ਰਾਜਾ ਵੜਿੰਗ ਦੀ ਗਿੱਦੜਬਾਹਾ ਤੋਂ ਹੋਈ ਹਾਰ ਦੀ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ ਜਾਂ ਆਪਣੇ ਗੋਤੀ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਜਿੱਤ ਵਿੱਚ ਤੇ ਜਾਂ ਫਿਰ ਲੋਕਾਂ ਦਾ ਧੰਨਵਾਦ ਕਰਨ ਵਜੋਂ ਲੱਡੂ ਵੰਡ ਰਹੇ ਹਨ। ਮਨਪ੍ਰੀਤ ਬਾਦਲ ਵੱਲੋਂ ਵੰਡੇ ਜਾ ਰਹੇ ਲੱਡੂਆਂ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਪੰਜਾਬ ਜਾਂ ਹਲਕੇ ਦੇ ਮੁੱਦੇ ਤਾਂ ਇੱਕ ਪਾਸੇ ਰਹਿ ਗਏ, ਡਿੰਪੀ ਢਿੱਲੋਂ ਦੀ ਜਿੱਤ ਛੱਡ ਚਰਚਾ ਮਨਪ੍ਰੀਤ ਬਾਦਲ ਦੇ ਲੱਡੂਆਂ ਦੀ ਹੋ ਰਹੀ ਹੈ।