ਸਕੇ ਭਰਾਵਾਂ ਦੀ ਜੋੜੀ ਬਾਣੀ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ
ਬਿਨਾਂ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ
ਫਾਜ਼ਿਲਕਾ, 15 ਨਵੰਬਰ
ਮੁੱਖ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਿਥੇ ਫਸਲ ਨੂੰ ਅੱਗ ਨਹੀਂ ਲਗਾਈ ਉਥੇ ਸਿਧੀ ਫਸਲ ਦੀ ਬਿਜਾਈ ਕਰਕੇ ਵਧ ਝਾੜ ਪ੍ਰਾਪਤ ਕੀਤਾ ਗਿਆ।
ਬਲਾਕ ਫਾਜ਼ਿਲਕਾ ਦੇ ਪਿੰਡ ਮੁੰਬੇਕਾ ਦਾ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਬਾਠ ਅਤੇ ਬਲਵਿੰਦਰ ਸਿੰਘ ਬਾਠ ਦੋਵੇਂ ਸਕੇ ਭਰਾ ਹਨ ਤੇ ਪਿਛਲੇ ਅੱਠ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵੱਖ ਵੱਖ ਸੰਦਾ ਦੀ ਮਦਦ ਨਾਲ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ| ਕਿਸਾਨ ਤਰਸੇਮ ਸਿੰਘ ਬਾਠ ਨੇ ਦੱਸਿਆ ਕਿ ਉਹ ਲਗਭਗ 50 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ ਤੇ ਇਸ ਵਾਰ ਝੋਨੇ ਦੀ 1885 ਕਿਸਮ ਦੀ ਕਟਾਈ ਕਰਨ ਉਪਰੰਤ ਸਭ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇੱਕ ਸਾਰ ਖਲਾਰ ਦਿੱਤਾ ਗਿਆ ਉਸ ਤੋਂ ਬਾਅਦ ਮਲਚਰ ਚਲਾ ਕੇ ਪਰਾਲੀ ਨੂੰ ਖੇਤ ਵਿੱਚ ਵਿਸ਼ਾ ਦਿੱਤਾ ਗਿਆ ਅਤੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਦਿੱਤੀ| ਇਸ ਤਰੀਕੇ ਨਾਲ ਇਹ ਕਿਸਾਨ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਗਾਤਾਰ ਉਪਰਾਲੇ ਕਰ ਰਹੇ ਹਨ ਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਸਰਕਲ ਇੰਚਾਰਜ ਸੁਖਦੀਪ ਸਿੰਘ ਜੇਟੀ ਤਰਸੇਮ ਸਿੰਘ ਅਤੇ ਗੁਰਬਖਸ਼ ਲਾਲ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਜਿਸ ਸਦਕਾ ਕਿਸਾਨ ਤਰਸੇਮ ਸਿੰਘ ਬਾਠ ਆਪਣੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਦਾ ਅਤੇ ਹੋਰ ਵੀ ਕਈ ਕਿਸਾਨ ਵੀ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਂਦੇ। ਉਨ੍ਹਾਂ ਨੇ ਦਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੁਸ਼ਿਤ ਹੁੰਦਾ ਹੈ। ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ।ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।