ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬਾਕਸਿੰਗ ਚੈਂਪੀਅਨ ਗੁਰਸੀਰਤ ਕੌਰ ਦਾ ਸਨਮਾਨ

ਚੰਡੀਗੜ੍ਹ, 30 ਸਤੰਬਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਾਊਂਟ ਕਾਰਮਲ ਸਕੂਲ, ਸੈਕਟਰ 47, ਚੰਡੀਗੜ੍ਹ ਦੀ ਵਿਦਿਆਰਥਣ 14 ਸਾਲਾ ਗੁਰਸੀਰਤ ਕੌਰ ਨੂੰ ਏਸ਼ੀਅਨ ਸਕੂਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ 28 ਅਗਸਤ ਤੋਂ 10 ਸਤੰਬਰ, 2024 ਤੱਕ ਅਬੂ ਧਾਬੀ, ਯੂ.ਏ.ਈ. ਵਿਖੇ ਹੋਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੁਰਸੀਰਤ ਨੇ ਮੁੱਕੇਬਾਜ਼ੀ ਵਿੱਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਹੈ।

ਜ਼ਿਕਰਯੋਗ ਹੈ ਕਿ ਗੁਰਸੀਰਤ ਨੇ ਇਹ ਜਿੱਤ 8 ਤੋਂ 11 ਅਗਸਤ ਤੱਕ ਹਰਿਆਣਾ ਦੇ ਰੋਹਤਕ ਵਿਖੇ ਹੋਏ ਏਸ਼ੀਅਨ ਜੂਨੀਅਰ ਅਤੇ ਸਕੂਲੀ ਲੜਕੇ ਅਤੇ ਸਕੂਲੀ ਲੜਕੀਆਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਟਰਾਇਲਜ਼, ਜਿੱਥੇ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਸੀ, ਵਿੱਚ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਤੁਰੰਤ ਬਾਅਦ ਹਾਸਲ ਕੀਤੀ ਹੈ।

ਸਪੀਕਰ ਸ. ਸੰਧਵਾਂ ਨੇ ਗੁਰਸੀਰਤ ਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਇਸੇ ਤਰ੍ਹਾਂ ਹੀ ਦੇਸ਼ ਦਾ ਮਾਣ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਖੇਤਰ ਵਿੱਚ ਦੇਸ਼ ਦਾ ਨਾਮ ਚਮਕਾਉਣ ਲਈ ਦ੍ਰਿੜ ਇਰਾਦੇ ਅਤੇ ਜਨੂੰਨ ਦੀ ਲੋੜ ਬਾਰੇ ਗੱਲ ਕਰਦਿਆਂ ਖੇਡਾਂ ਵਿੱਚ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

ਸ. ਸੰਧਵਾਂ ਨੇ ਕਿਹਾ ਕਿ ਗੁਰਸੀਰਤ ਦੀ ਪ੍ਰਾਪਤੀ ਹੋਰਨਾਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੈ, ਜਿਸਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਗੁਰਸੀਰਤ ਦੇ ਸਮਰਪਣ ਅਤੇ ਲਗਨ ਦਾ ਫ਼ਲ ਹੈ, ਜੋ ਮੁੱਕੇਬਾਜ਼ੀ ਵਿੱਚ ਉਸ ਦੇ ਰੌਸ਼ਨ ਭਵਿੱਖ ਦਾ ਪ੍ਰਮਾਣ ਹੈ।

ਸ. ਸੰਧਵਾਂ ਨੇ ਨੌਜਵਾਨ ਐਥਲੀਟਾਂ ਦੀਆਂ ਪ੍ਰਾਪਤੀਆਂ ਦਾ ਲਗਾਤਾਰ ਸਮਰਥਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਪਾਨ ਤੋਂ ਮਿੱਠੀਆਂ ਯਾਦਾਂ ਅਤੇ ਅਨੁਭਵ ਲੈ ਕੇ ਪਰਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਹਮੇਸ਼ਾ ਸਕੂਲੀ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਦਿਆਂ ਆਪਣੀ ਪ੍ਰਤਿਭਾ ਨੂੰ ਹੋਰ ਨਿਖ਼ਾਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।


CATEGORIES
TAGS
Share This

COMMENTS

Wordpress (0)
Disqus (0 )
Translate