ਡਾ.ਸੇਨੂ ਦੁੱਗਲ ਨੇ ਕੀਤਾ ਫਾਜ਼ਿਲਕਾ ਦੇ ਲੋਕਾਂ ਦਾ ਧੰਨਵਾਦ

ਫਾਜ਼ਿਲਕਾ, 13 ਸਤੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਰਹੇ ਡਾ ਸੇਨੂ ਦੁੱਗਲ ਨੇ ਅੱਜ ਗੈਸਟ ਹਾਉਸ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸ਼ੇਸ ਤੌਰ ਤੇ ਫਾਜ਼ਿਲਕਾ ਠਹਿਰਾਓ ਦੌਰਾਨ ਲੋਕਾਂ ਤੋਂ ਮਿਲੇ ਸਹਿਯੋਗ ਲਈ ਸਮੂਹ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਡਾ ਸੇਨੂ ਦੁੱਗਲ ਪਿਛਲੇ ਦੋ ਸਾਲ ਤੋਂ ਫਾਜ਼ਿਲਕਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਕੰਮ ਕਰ ਰਹੇ ਸਨ ਅਤੇ ਉਹਨਾਂ ਕੋਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੀ ਅਤੇ ਹੁਣ ਉਹਨਾਂ ਦਾ ਇਥੋਂ ਤਬਾਦਲਾ ਹੋ ਗਿਆ ਹੈ ।
ਇਸ ਮੌਕੇ ਫਾਜ਼ਿਲਕਾ ਨਾਲ ਬਣੀ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦਿਆਂ ਡਾ ਸੇਨੂ ਦੁੱਗਲ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਫਾਜ਼ਿਲਕਾ ਵਿੱਚ ਬਤੌਰ ਡਿਪਟੀ ਕਮਿਸ਼ਨਰ ਕੰਮ ਕਰਦਿਆਂ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਹਮੇਸ਼ਾ ਹੀ ਤਤਪਰਤਾ ਦਿਖਾਈ
 ਉਹਨਾਂ ਆਖਿਆ ਕਿ ਇਸ ਸਮੇਂ ਦੌਰਾਨ ਜਿਲ੍ਹੇ ਵਿੱਚ ਅਨੇਕਾਂ ਨਵੇਂ ਪ੍ਰੋਜੈਕਟ ਸ਼ੁਰੂ ਹੋਏ ਜਿਨਾਂ ਦੇ ਆਮ ਲੋਕਾਂ ਤੇ ਦੂਰਗਾਮੀ ਪ੍ਰਭਾਵ ਪੈਣਗੇ ਅਤੇ ਇਹ ਜਿਲੇ ਦੀ ਵਿਕਾਸ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਵਾਲੇ ਸਾਬਤ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਅਬੋਹਰ ਵਿੱਚ ਇੱਕ ਸਟੇਟ ਆਫ ਲਈ ਆਰਟ ਲਾਈਬਰੇਰੀ ਬਣਾਈ ਗਈ ਹੈ ਜੋ ਕਿ ਇਲਾਕੇ ਭਰ ਦੇ ਨੌਜਵਾਨਾਂ ਲਈ ਆਪਣੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਦਰਸ਼ ਸਥਾਨ ਹੈ।
 ਇਸੇ ਤਰ੍ਹਾਂ ਅਬੋਹਰ ਦੇ ਆਭਾ ਸਕੇਅਰ ਪ੍ਰੋਪਰਟੀ ਨੂੰ ਰੇਰਾ ਤੋਂ ਪ੍ਰਵਾਨਗੀ ਦਵਾਈ ਗਈ ਹੈ ਜਿਸ ਨਾਲ ਹੁਣ ਨਗਰ ਨਿਗਮ ਆਪਣੀ ਕਮਰਸ਼ੀਅਲ ਪ੍ਰੋਪਰਟੀ ਜੋ ਉਸਨੇ ਨਿਲਾਮ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ ਦੀ ਨਿਲਾਮੀ ਕਰਕੇ ਇਥੋਂ ਆਉਣ ਵਾਲੇ ਪੈਸੇ ਨਾਲ ਸ਼ਹਿਰ ਦਾ ਵਿਕਾਸ ਕਰਵਾ ਸਕੇਗੀ।  ਇਸੇ ਤਰ੍ਹਾਂ ਹੀ ਅਬੋਹਰ ਦੇ ਪੁਰਾਣੇ ਬਸ ਅੱਡੇ ਨੂੰ ਵੀ ਨਵੀਨੀਕਰਨ ਉਹਨਾਂ ਦੇ ਇੱਥੇ ਠਹਿਰਾਓ ਦੌਰਾਨ ਹੋਇਆ ਹੈ ।
ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨਾਲ ਜ਼ਿਲ੍ਹੇ ਵਿੱਚ ਦੋ ਪ੍ਰਮੁੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਸ ਵਿੱਚੋਂ ਇੱਕ ਸੀ ਲਰਨ ਐਂਡ ਗਰੋ ਅਤੇ ਦੂਜਾ ਸੀ ਬੈਗ ਫਰੀ ਡੇ।  ਉਹਨਾਂ ਕਿਹਾ ਕਿ ਲਰਨ ਐਂਡ ਗਰੋ ਪ੍ਰੋਗਰਾਮ ਤਹਿਤ ਸੀਨੀਅਰ ਅਧਿਕਾਰੀ ਅਤੇ ਸਮਾਜ ਦੇ ਹੋਰ ਸਫਲ ਲੋਕ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਜਾ ਕੇ ਚੰਗੇ ਭਵਿੱਖ ਲਈ ਤਿਆਰ ਕਰਦੇ ਹਨ ਜਦਕਿ ਬੈਗ ਫਰੀ ਡੇ ਤਹਿਤ ਮਹੀਨੇ ਦੇ ਆਖਰੀ ਸ਼ਨੀਵਾਰ ਜ਼ਿਲ੍ਹੇ  ਦੇ ਪ੍ਰਾਈਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤਨਾਵ ਤੋਂ ਮੁਕਤ ਰੱਖਦੇ ਹੋਏ ਵੱਖ ਵੱਖ ਸਹਿ ਵਿਦਿਅਕ ਗਤੀਵਿਧੀਆਂ ਰਾਹੀਂ ਉਹਨਾਂ ਦੇ ਸਰਬਪੱਖੀ ਵਿਕਾਸ ਦੀ ਯੋਜਨਾ ਉਲੀਕੀ ਗਈ ਹੈ।
ਇਸ ਤੋਂ ਬਿਨਾਂ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿਲੇ ਵਿੱਚ ਸਰਫੇਸ ਵਾਟਰ ਅਧਾਰਿਤ ਦੋ ਮੈਗਾ ਪ੍ਰੋਜੈਕਟ ਪੱਤਰੇ ਵਾਲਾ ਅਤੇ ਘੱਟਿਆ ਵਾਲੀ ਬੋਦਲਾ ਦੇ ਕੰਮ ਵੀ ਉਹਨਾਂ ਦੇ ਕਾਰਜਕਾਲ ਵਿੱਚ ਸ਼ੁਰੂ ਹੋਏ ਅਤੇ ਇਹ ਪ੍ਰੋਜੈਕਟ ਤੇਜੀ ਨਾਲ ਨੇਪਰੇ ਚੜਨ ਵੱਲ ਵੱਧ ਰਹੇ ਹਨ ਅਤੇ ਬਹੁਤ ਜਲਦੀ ਇਹਨਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਜਿਲਾ ਫਾਜ਼ਲਕਾ ਦੇ ਲਗਭਗ ਸਾਰੇ ਪਿੰਡਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚੇਗਾ ।

ਜਿਕਰ ਯੋਗ ਹੈ ਕਿ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਆਮ ਲੋਕਾਂ ਦੇ ਗੱਲ ਸੁਣਨ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਦਫਤਰ ਵਿਖੇ ਆਪਣੀਆਂ ਮੁਸ਼ਕਿਲਾਂ ਲੈ ਕੇ ਪਹੁੰਚਦੇ ਸਨ ਜਿੱਥੇ ਉਹਨਾਂ ਵੱਲੋਂ ਹਰੇਕ ਦੀ ਗੱਲ ਸੁਣ ਕੇ ਉਸ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਂਦਾ ਸੀ। ਇਸ ਤੋਂ ਬਿਨਾਂ ਉਹਨਾਂ ਦੇ ਸਮੇਂ ਦੌਰਾਨ ਸਰਕਾਰ ਦੇ ਪ੍ਰੋਗਰਾਮ ਅਨੁਸਾਰ ਉਹਨਾਂ ਵੱਲੋਂ ਖੁਦ ਪਿੰਡਾਂ ਵਿੱਚ ਜਾ ਕੇ ਵੀ ਅਨੇਕਾਂ ਕੈਂਪ ਲਗਵਾਏ ਗਏ। ਉਹ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਵੀ ਸਦੈਵ ਤਤਪਰ ਰਹੇ ਅਤੇ ਉਹਨਾਂ ਦੇ ਮਾਰਗਦਰਸ਼ਨ ਵਿੱਚ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਸਾਂਝੇ ਯਤਨਾਂ ਨਾਲ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 35 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ ।
ਆਪਣੇ ਤਬਾਦਲੇ ਤੋਂ ਬਾਅਦ ਇਥੋਂ ਜਾਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੇਨੂ ਦੁੱਗਲ ਨੇ ਕਿਹਾ ਕਿ ਫਾਜ਼ਿਲਕਾ ਵਿਖੇ ਕੰਮ ਕਰਨਾ ਉਹਨਾਂ ਲਈ ਮਾਣ ਦੀ ਗੱਲ ਸੀ ਅਤੇ ਉਹਨਾਂ ਨੇ ਹਮੇਸ਼ਾ ਹੀ ਯਤਨ ਕੀਤਾ ਕਿ ਉਹ ਸਰਕਾਰ ਦੇ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਮਾਜ ਦੇ ਹਰ ਇੱਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਕੰਮ ਕਰਨ ਅਤੇ ਉਹਨਾਂ ਨੂੰ ਸੰਤੁਸ਼ਟੀ ਹੈ ਕਿ ਉਹ ਇਸ ਨੇਕ ਕਾਰਜ ਵਿੱਚ ਸਫਲ ਹੋਏ ਹਨ। ਉਨ੍ਹਾਂ ਨੇ ਇਸ ਮੌਕੇ ਮੀਡੀਆ ਕਰਮੀਆਂ ਦਾ ਵੀ ਵਿਸੇ਼ਸ ਤੌਰ ਤੇ ਧੰਨਵਾਦ ਕੀਤਾ।

CATEGORIES
Share This

COMMENTS

Wordpress (0)
Disqus (0 )
Translate