ਮਜੀਠੀਆ ਕੇਸ ਵਿੱਚ ਈਡੀ ਦੀ ਐਂਟਰੀ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ-ਆਪ

ਇਸ ਨਾਲ ਐਸਆਈਟੀ ਦੀ ਜਾਂਚ ‘ਤੇ ਕੋਈ ਫਰਕ ਨਹੀਂ ਪਵੇਗਾ, ਉਹ ਆਪਣੀ ਜਾਂਚ ਪੂਰੀ ਕਰੇਗੀ, ਦੋਸ਼ੀਆਂ ਨੂੰ ਸਖਤ ਸਜ਼ਾ ਹੋਵੇਗੀ-ਨੀਲ ਗਰਗ

ਚੰਡੀਗੜ੍ਹ, 12 ਸਤੰਬਰ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਮਜੀਠੀਆ ਦੇ ਡਰੱਗਜ਼ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਐਂਟਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।  ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਈਡੀ ਰਾਹੀਂ ਜਾਂਚ ਮਜੀਠੀਆ ਨੂੰ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਚੰਗੇ ਸਬੰਧ ਹਨ।

ਨੀਲ ਗਰਗ ਨੇ ਕਿਹਾ ਕਿ ਮਜੀਠੀਆ ਨੂੰ ਲੱਗਦਾ ਹੈ ਕਿ ਜੇਕਰ ਮਾਮਲਾ ਈਡੀ ਕੋਲ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਜਾਵੇਗੀ ਕਿਉਂਕਿ ਈਡੀ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਇਸ ਨਾਲ ਉਨ੍ਹਾਂ ਨੂੰ ਬਹੁਤੀ ਰਾਹਤ ਨਹੀਂ ਮਿਲੇਗੀ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਆਪਣੀ ਜਾਂਚ ਜਾਰੀ ਰੱਖੇਗੀ ਅਤੇ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਹੋਵੇਗੀ। ਜਿਵੇਂ ਹੀ ਜਾਂਚ ਆਪਣੇ ਸਿਰੇ ‘ਤੇ ਪਹੁੰਚੇਗੀ, ਚਲਾਨ ਪੇਸ਼ ਕੀਤਾ ਜਾਵੇਗਾ। ਐਸਆਈਟੀ ਪੂਰੀ ਆਜ਼ਾਦੀ ਨਾਲ ਜਾਂਚ ਕਰ ਰਹੀ ਹੈ ਅਤੇ ਕਰਦੀ ਰਹੇਗੀ।

ਨੀਲ ਗਰਗ ਨੇ ਕਿਹਾ ਕਿ ਗੈਂਗਸਟਰ, ਮਾਫੀਆ, ਨਸ਼ਾ ਤਸਕਰ ਅਤੇ ਭ੍ਰਿਸ਼ਟ ਲੋਕ ਸਾਰੇ ਪੰਜਾਬ ਦੇ ਦੁਸ਼ਮਣ ਹਨ।ਇਨ੍ਹਾਂ ਸਾਰਿਆਂ ‘ਤੇ ਵੀ ਉਹੀ ਕਾਰਵਾਈ ਕੀਤੀ ਜਾਵੇਗੀ।  ‘ਆਪ’ ਸਰਕਾਰ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰ ਰਹੀ ਹੈ। ਜਿਸ ਨੇ ਵੀ ਪੰਜਾਬ ਦੇ ਲੋਕਾਂ ਨਾਲ ਮਾੜਾ ਕੀਤਾ ਹੈ, ਉਸ ਵਿਰੁੱਧ ਸਰਕਾਰ ਕਾਰਵਾਈ ਕਰੇਗੀ ਅਤੇ ਅੱੱਗੇ ਵੀ ਕਰਦੀ ਰਹੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।  ਜਿਸ ਨੇ ਵੀ ਪੰਜਾਬ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾਇਆ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।  ਅਜਿਹੇ ਹਰ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

CATEGORIES
Share This

COMMENTS

Wordpress (0)
Disqus (0 )
Translate