6.33 ਕਰੋੜ ਦੀ ਲਾਗਤ ਨਾਲ ਹੋਵੇਗੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਿਲ ਦੀ ਉਸਾਰੀ-ਮੀਤ ਹੇਅਰ
ਸੰਸਦ ਮੈਂਬਰ ਨੇ ਰੱਖਿਆ ਨੀਂਹ ਪੱਥਰ
ਹੰਡਿਆਇਆ ਵਿੱਚ 80.38 ਲੱਖ ਦੀ ਲਾਗਤ ਵਾਲੇ ਸਟੇਡੀਅਮ ਤੇ ਟਿਊਬਵੈੱਲ ਦੇ ਕੰਮ ਦਾ ਨੀਂਹ ਪੱਥਰ ਰੱਖਿਆ
ਬਰਨਾਲਾ 11 ਸਤੰਬਰ।
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਵਿੱਚ ਕਰੋੜਾਂ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜ਼ਿਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਪਹਿਲਾਂ 3 ਮੰਜ਼ਿਲਾਂ ਹਨ ਅਤੇ ਹੁਣ ਕਰੀਬ 6.33 ਕਰੋੜ ਦੀ ਲਾਗਤ ਨਾਲ ਚੌਥੀ ਮੰਜ਼ਿਲ ਦੀ ਉਸਾਰੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਚੌਥੀ ਮੰਜ਼ਿਲ ਦੀ ਉਸਾਰੀ ਨਾਲ ਵਿਭਾਗਾਂ ਨੂੰ ਦਫ਼ਤਰਾਂ ਦੀ ਆਉਂਦੀ ਮੁਸ਼ਕਿਲ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਵੀ ਇਕੋ ਜਗਾ ਕੰਮ ਕਰਵਾਉਣ ਵਿੱਚ ਸੌਖ ਹੋ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਰਨਾਲਾ ਦੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਰਨਾਲਾ ਲਈ ਇੰਨੇ ਫੰਡ ਕਦੇ ਜਾਰੀ ਨਹੀਂ ਹੋਏ, ਜਿੰਨੇ ਮਾਨ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਹਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਆਖਿਆ ਕਿ ਅੱਜ ਕਰੀਬ 9.50 ਕਰੋੜ ਦੇ ਵੱਖ ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੇ ਕਰੀਬ 104 ਕਰੋੜ ਦੇ ਕੰਮ ਸ਼ੁਰੂ ਕਰਵਾਉਣਗੇ, ਜਿਨ੍ਹਾਂ ਵਿੱਚ 87 ਕਰੋੜ ਰੁਪਏ ਦਾ ਕੰਮ ਸਿਰਫ ਬਰਨਾਲਾ ਦਾ ਹੈ।
ਇਸ ਤੋਂ ਪਹਿਲਾਂ ਅੱਜ ਉਨ੍ਹਾਂ ਹੰਡਿਆਇਆ ਵਿਖੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਮਸਲੇ ਦੇ ਹੱਲ ਲਈ ਨਵੇਂ ਟਿਊਬਵੈੱਲ ਦੇ 47.88 ਲੱਖ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ 32.50 ਲੱਖ ਦੀ ਲਾਗਤ ਨਾਲ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਹੰਡਿਆਇਆ ਦੇ ਨੌਜਵਾਨਾਂ ਦਾ ਬਾਸਕਿਟਬਾਲ ਅਤੇ ਨੈੱਟਬਾਲ ਵੱਖ ਰੁਝਾਨ ਦੇਖਦੇ ਹੋਏ ਨਵੇਂ ਸਟੇਡੀਅਮ ਵਿੱਚ ਵੱਖ ਵੱਖ ਖੇਡ ਮੈਦਾਨ ਬਣਾਏ ਜਾਣਗੇ ਤਾਂ ਜੋ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਇਸ ਮਗਰੋਂ ਉਨ੍ਹਾਂ ਸ਼ਹੀਦ ਜੀਤਾ ਸਿੰਘ ਨਗਰ ਵਿੱਚ 50.75 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਓਐਸਡੀ ਹਸਨਪ੍ਰੀਤ ਭਾਰਦਵਾਜ, ਹਰਿੰਦਰ ਧਾਲੀਵਾਲ, ਰੋਹਿਤ ਓਸ਼ੋ ਤੇ ਹੋਰ ਪਤਵੰਤੇ ਅਤੇ ਅਧਿਕਾਰੀ ਹਾਜ਼ਰ ਸਨ।