ਡਿਪਟੀ ਕਮਿਸ਼ਨਰ ਵੱਲੋਂ ਹੜ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਬੈਠਕ
ਫਾਜ਼ਿਲਕਾ 15 ਜੁਲਾਈ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਅੱਜ ਇਥੇ ਹੜ੍ਹ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਬੈਠਕ ਕੀਤੀ। ਉਹਨਾਂ ਨੇ ਬੈਠਕ ਵਿੱਚ ਹਦਾਇਤ ਕੀਤੀ ਕਿ ਹਰੇਕ ਵਿਭਾਗ ਜਾਰੀ ਹਦਾਇਤਾਂ ਅਨੁਸਾਰ ਦਿੱਤੇ ਗਏ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ।
ਉਹਨਾਂ ਨੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਤੇ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਬਕਾਇਆ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ । ਉਹਨਾਂ ਨੇ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਨਹਿਰਾਂ ਦੀ ਪੂਰੀ ਚੌਕਸੀ ਰੱਖੀ ਜਾਵੇ ਤਾਂ ਜੋ ਨਹਿਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਅਧੀਨ ਆਉਂਦੇ ਗੈਰ ਸਰਕਾਰੀ ਸਮਾਜਿਕ ਸੰਗਠਨਾਂ ਨਾਲ ਬੈਠਕ ਕਰ ਲੈਣ ।
ਇਸੇ ਤਰਾਂ ਉਹਨਾਂ ਨੇ ਡੀਡੀਪੀਓ ਨੂੰ ਹਿਦਾਇਤ ਕੀਤੀ ਕਿ ਉਹ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੀ ਪਹਿਚਾਣ ਕਰਨ ਜਿਨਾਂ ਦੀ ਵਰਤੋਂ ਕਿਸੇ ਵੀ ਸੰਭਾਵਿਤ ਹੜ ਦੇ ਮੌਕੇ ਦੌਰਾਨ ਸਮਾਨ ਦੀ ਢੋਆ ਢੁਆਈ ਅਤੇ ਰਾਹਤ ਕਾਰਜਾਂ ਲਈ ਕੀਤੀ ਜਾ ਸਕੇ। ਉਨਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਤਰਪਾਲਾਂ ਦੀ ਬੰਦੋਬਸਤ ਕਰਨ ਦੀ ਨਿਰਦੇਸ਼ ਦਿੱਤੇ। ਇਸੇ ਤਰਾਂ ਉਹਨਾਂ ਨੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਸਫਾਈ ਅਤੇ ਸੀਵਰੇਜ ਵਿਵਸਥਾ ਨੂੰ ਦਰੁਸਤ ਰੱਖਿਆ ਜਾਵੇ ਤਾਂ ਜੋ ਬਰਸਾਤਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ, ਐਸਪੀ ਰਵਨੀਸ਼ ਚੌਧਰੀ, ਐਸਡੀਐਮ ਵਿਪਨ ਕੁਮਾਰ, ਬਲਕਰਨ ਸਿੰਘ, ਪੰਕਜ ਬੰਸਲ, ਡੀਐਸਪੀ ਸੁਬੇਗ ਸਿੰਘ ਤੇ ਏ ਆਰ ਸ਼ਰਮਾ, ਡੀਡੀਪੀਓ ਗੁਰਦਰਸ਼ਨ ਲਾਲ, ਸਿਵਲ ਸਰਜਨ ਡਾ ਚੰਦਰ ਸ਼ੇਖਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।