ਦਿੱਲੀ ਦੀ ਸਿੱਖ ਸੰਗਤ ਦੀ ਵੋਟ ਸਦਕਾ ਭਾਜਪਾ ਨੂੰ ਕੌਮੀ ਰਾਜਧਾਨੀ ’ਚ ਵੱਡੀ ਜਿੱਤ ਮਿਲੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 5 ਜੂਨ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਦੀ ਵੋਟ ਸਦਕਾ ਹੀ ਭਾਜਪਾ ਨੂੰ ਕੌਮੀ ਰਾਜਧਾਨੀ ਵਿਚ ਖਾਸ ਤੌਰ ’ਤੇ ਪੱਛਮੀ ਅਤੇ ਉੱਤਰ ਪੱਛਮੀ ਦਿੱਲੀ ਵਿਚ ਜਿੱਤ ਮਿਲੀ ਹੈ ਜਿਸ ਲਈ ਉਹ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕਰਦੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ’ਤੇ ਬੀਤੇ ਸਮੇਂ ਵਿਚ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ.ਕੇ. ਦਾ ਕਬਜ਼ਾ ਸੀ ਜੋ ਸਿੱਧੇ ਤੇ ਅਸਿੱਧੇ ਤੌਰ ’ਤੇ ਕਾਂਗਰਸ ਨਾਲ ਰਲੇ ਹੋਏ ਸਨ। ਉਹਨਾਂ ਕਿਹਾ ਕਿ ਇਸ ਵਾਰ ਉੱਤਰ ਪੱਛਮੀ ਸੀਟ ’ਤੇ ਜੋਗਿੰਦਰ ਚੰਦੋਲੀਆ 2 ਲੱਖ 90 ਹਜ਼ਾਰ ਤੋਂ ਜਿੱਤੇ ਹਨ ਤੇ ਕਮਲਜੀਤ ਸਹਿਰਾਵਤ ਨੂੰ 1 ਲੱਖ 99 ਹਜ਼ਾਰ ਤੋਂ ਜਿੱਤ ਹਾਸਲ ਹੋਈ ਹੈ। ਇਹਨਾਂ ਸੀਟਾਂ ’ਤੇ ਬਹੁ ਗਿਣਤੀ ਸਿੱਖ ਸਮਾਜ ਨੇ ਵੋਟਾਂ ਪਾਈਆਂ ਹਨ।
ਉਹਨਾਂ ਕਿਹਾ ਕਿ ਪੂਰੇ ਦੇਸ਼ ਨੇ ਵੇਖਿਆ ਖਾਸ ਤੌਰ ’ਤੇ ਸਿੱਖ ਪੰਥ ਨੇ ਵੇਖਿਆ ਕਿ ਪੰਜਾਬ ਵਿਚ ਜਿਹੜੇ ਹਾਲਾਤ ਬਣੇ ਹਨ ਜਿਥੇ 104 ਸਾਲ ਪੁਰਾਣੀ ਪਾਰਟੀ ਜਿਸਦਾ ਅਸੀਂ ਅੰਗ ਰਹੇ ਹਾਂ,ਉਸਦਾ ਬੁਰਾ ਹਾਲ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਦਿੱਲੀ ਦੇ ਉਹਨਾਂ ਆਗੂਆਂ ਦੀ ਡਿਊਟੀ ਪੰਜਾਬ ਵਿਚ ਲਗਾਈ ਜਿਹਨਾਂ ਦਾ ਕਾਂਗਰਸ ਦਾ ਸਾਥ ਦੇਣ ਦਾ ਰਿਕਾਰਡ ਜਨਤਕ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਸਾਥ ਦੀ ਬਦੌਲਤ ਹੀ ਪੰਜਾਬ ਵਿਚ ਖਾਸ ਤੌਰ ’ਤੇ ਜਲੰਧਰ ਤੇ ਲੁਧਿਆਣਾ ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ।
ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਨਵਾਂ ਰਿਕਾਰਡ ਬਣਾਇਆ ਹੈ ਕਿ ਸਵਾ 13 ਫੀਸਦੀ ਵੋਟ ਪਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਿਰਫ ਇਕ ਪਰਿਵਾਰ ਦਾ ਅਕਾਲੀ ਦਲ ਨਹੀਂ ਹੈ।
ਉਹਨਾਂ ਕਿਹਾ ਕਿ ਸਰਨਾ ਭਰਾ ਤੇ ਮਨਜੀਤ ਸਿੰਘ ਜੀ.ਕੇ. ਲੋਕਾਂ ਨੂੰ ਜਾਤ-ਪਾਤ ਵਿਚ ਵੰਡਦੇ ਰਹੇ ਹਨ ਤੇ ਵੱਖ-ਵੱਖ ਭਾਈਚਾਰਿਆਂ ਨੂੰ ਵੰਡਦੇ ਰਹੇ ਹਨ ਅਤੇ ਇਹਨਾਂ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ।
ਉਹਨਾਂ ਕਿਹਾ ਕਿ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ 13 ਵਿਚੋਂ 10 ਸੀਟਾਂ ’ਤੇ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਵੱਡੀ ਨਮੋਸ਼ੀ ਹੋਰ ਨਹੀਂ ਹੋ ਸਕਦੀ।
ਉਹਨਾਂ ਨੇ ਦਿੱਲੀ ਦੇ ਲੋਕਾਂ ਖਾਸ ਤੌਰ ’ਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਜਿਸਨੇ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਵਿਚ ਸਿੱਖ ਭਾਈਚਾਰੇ ਵਾਸਤੇ ਕੀਤੇ ਕੰਮਾਂ ਨੂੰ ਵੇਖਦਿਆਂ ਭਾਜਪਾ ਲਈ ਵੋਟਾਂ ਪਾਈਆਂ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੇ ਇਲਾਕੇ ਵਿਚ ਭਾਜਪਾ ਉਮੀਦਵਾਰਾਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਖੂਨੀ ਪੰਜਾ ਜੋ ਸਿੱਖਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ, ਪਰ ਆਪ ਨੇ ਉਹਨਾਂ ਨਾਲ ਗਠਜੋੜ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ। ਇਸ ਕਰ ਕੇ ਸਿੱਖਾਂ ਨੇ ਆਪ ਤੇ ਕਾਂਗਰਸ ਦੋਵਾਂ ਨੂੰ ਨਕਾਰਿਆ।
ਉਹਨਾਂ ਨੇ ਫਰੀਦਕੋਟ ਤੇ ਖਡੂਰ ਸਾਹਿਬ ਤੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਦੀ ਵਧਾਈ ਵੀ ਦਿੱਤੀ।