ਮਨਦੀਪ ਕੌਰ ਟਾਂਗਰਾ ਨੇ ਆਪਣੇ ਪਿੰਡ ਵਿੱਚ ਸ਼ੁਰੂ ਕੀਤੀ ਆਈਟੀ ਕੰਪਨੀ ਦਾ ਕਾਰੋਬਾਰ ਕੀਤਾ ਬੰਦ,ਲਿਖੀ ਭਾਵੁਕ ਕਰਨ ਵਾਲੀ ਪੋਸਟ

ਅੰਮ੍ਰਿਤਸਰ 5 ਮਈ (ਐੱਸ ਐੱਸ ਢਿੱਲੋਂ) ਪੰਜਾਬ ਦੇ ਇਕ ਸਰਹੱਦੀ ਪਿੰਡ ਵਿੱਚ 130 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਕੇ ਆਈਟੀ ਕੰਪਨੀ ਚਲਾਉਣ ਵਾਲੀ ਮਨਦੀਪ ਕੌਰ ਟਾਂਗਰਾ ਨੇ ਬੇਸ਼ੱਕ ਬੜੀਆਂ ਮੁਸੀਬਤਾਂ ਝੱਲੀਆਂ ਤੇ ਉਹਨਾਂ ਮੁਸੀਬਤਾਂ ਦਾ ਸਾਹਮਣਾ ਵੀ ਡੱਟ ਕੇ ਕੀਤਾ। ਅਖੀਰ ਮਨਦੀਪ ਕੌਰ ਟਾਂਗਰਾ ਨੇ ਪਿੰਡ ਟਾਂਗਰਾ ਵਿੱਚ ਸ਼ੁਰੂ ਕੀਤਾ ਆਈਟੀ ਦਾ ਕਾਰੋਬਾਰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਮਨਦੀਪ ਕੌਰ ਟਾਂਗਰਾ ਦੀ ਦੇਸ਼ ਵਿਦੇਸ਼ ਵਿੱਚ ਇੱਕ ਪਿੰਡ ਚ ਆਈਟੀ ਕੰਪਨੀ ਚਲਾਉਣ ਕਰਕੇ ਵੱਡੀ ਪਹਿਚਾਣ ਬਣੀ। ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਮਨਦੀਪ ਕੌਰ ਟਾਂਗਰਾ ਨੇ ਆਪਣੀਆਂ ਭਾਵਨਾਵਾਂ ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ,,

ਅਲਵਿਦਾ!

“ਮੈਂ ਆਪਣੇ ਪੁਰਾਣੇ ਸਾਥੀ ਨਾਲ ਲਿਆ ਇੱਕ ਸੁਪਨਾ, ਆਪਣਾ IT ਕਾਰੋਬਾਰ ਸਦਾ ਲਈ ਬੰਦ ਕਰ ਰਹੀ ਹਾਂ। ਇਹ ਕਾਰੋਬਾਰ ਸਾਡਾ ਦੋਨਾ ਦਾ ਸੀ, ਪਰ ਇਸਨੂੰ ਵਿੱਚ – ਵਿਚਾਲੇ ਕਰੋੜਾਂ ਦੇ ਕਰਜ਼ੇ ਵਿੱਚ ਅਤੇ ਕਈ ਮੁਸੀਬਤਾਂ ਵਿੱਚ ਮੈਨੂੰ ਇਕੱਲੇ ਛੱਡ ਕੇ ਜਾਣ ਵਾਲੇ ਸਾਥੀ ਦਾ ਮੇਰੇ ਕੋਲ ਕੋਈ ਪਤਾ ਟਿਕਾਣਾ ਨਹੀਂ। ਵਾਹ ਵਾਹ ਸਮੇਂ ਉਹ ਨਾਲ ਸੀ ਤੇ ਮਾੜੇ ਸਮੇਂ ਵਿੱਚ ਮੈਨੂੰ ਲਿਆਉਣ ਵਿੱਚ ਉਸਨੇ ਆਪਣੀ ਵੀ ਵਾਹ ਲਾ ਦਿੱਤੀ। ਮੈਂ ਬਹੁਤ ਕੋਸ਼ਿਸ਼ ਕੀਤੀ ਪਿਛਲੇ 2-3 ਸਾਲ ਉਸ ਤੋਂ ਬਿਨ੍ਹਾਂ ਇਸ ਕੰਪਨੀ ਨੂੰ ਚਲਾਉਣ ਦੀ, ਪਰ ਉਸਨੇ ਤੇ ਹੋਰ ਸਾਥੀਆਂ ਨੇ ਆਪਣੇ ਆਪਣੇ ਖ਼ੁਦ ਦੇ ਹੀ ਕਾਰੋਬਾਰ ਸਥਾਪਤ ਕਰਕੇ,ਹਰ ਪਾਸਿਓਂ ਮੈਨੂੰ ਵਾਰ ਵਾਰ ਬੁਰੀ ਤਰ੍ਹਾਂ ਪਰੇਸ਼ਾਨ ਕਰਕੇ,ਇਸ ਕੰਪਨੀ ਨੂੰ ਬਿਲਕੁਲ ਖੋਖਲਾ ਕਰ ਦਿੱਤਾ। ਉਸਨੇ IT ਵਿੱਚ ਪੜ੍ਹਾਈ ਕੀਤੀ ਸੀ, ਮੈਂ IT ਕੰਪਨੀ ਉਸਦੇ ਸੁਪਨੇ ਕਰਕੇ ਸ਼ੁਰੂ ਕੀਤੀ ਸੀ, ਤੇ ਮੈਂ ਦਿਨ ਰਾਤ ਆਪਣੀ ਜ਼ਿੰਦਗੀ ਲਗਾ ਦਿੱਤੀ। ਮੈਂ ਇਸ ਕੰਪਨੀ ਲਈ ਕੰਮ ਲਿਆ ਸਕਦੀ ਸੀ,ਕਰਕੇ ਨਹੀਂ ਦੇ ਸਕਦੀ ਸੀ।

ਮੈਂ ਆਪਣਾ ਸਭ ਕੁੱਝ ਗਵਾ ਲਿਆ। ਖ਼ੂਬਸੂਰਤ ਰਿਸ਼ਤੇ , ਮਾਂ ਪਿਓ ਦਾ ਘਰ ਜੋ ਬੈਂਕ ਕੋਲ ਗਿਰਵੀ ਪਿਆ,ਆਪਣੀ ਕੋਈ ਵੀ ਪ੍ਰਾਪਰਟੀ, ਆਪਣਾ ਸਮਾਂ, ਆਪਣੀ ਸਿਹਤ, ਊਰਜਾ ਤੇ ਆਪਣਾ ਬਣਾਇਆ ਨਾਮ।

ਪਿੰਡ ਵਿੱਚ 130 ਲੋਕਾਂ ਨੂੰ ਨੌਕਰੀ ਦੇਣ ਵਾਲੀ ਕੰਪਨੀ, ਅੱਜ ਵਿਦੇਸ਼ਾਂ ਦੀ ਮੁਹੱਬਤ ਕਰਕੇ, “ਸਿਫ਼ਰ” ਹੈ। ਮੈਂ ਇਸ ਕੰਪਨੀ ਦਾ ਚਿਹਰਾ ਸੀ, ਇਹ ਕਦੇ ਵੀ ਮੇਰੇ ਕੱਲੀ ਦੀ ਨਹੀਂ ਸੀ। ਜ੍ਹਿਨਾਂ 8-10 ਜਾਣਿਆਂ ਲਈ ਮੈਨੂੰ ਲੱਗਦਾ ਸੀ ਇਹ ਕੰਪਨੀ ਹੈ, ਉਹ ਇੱਕ ਇੱਕ ਕਰਕੇ ਸਭ ਛੱਡ ਗਏ।

ਮੈਂ ਮਦਦ ਦੀ ਗੁਹਾਰ ਖ਼ਾਸ ਲੋਕਾਂ,ਅਦਾਰਿਆਂ ਤੱਕ ਵੀ ਵਾਰ ਵਾਰ ਲਗਾਈ। ਸਭ ਨੇ ਸਿਰਫ਼ ਸਾਡੇ ਦਫ਼ਤਰ ਆ ਆ ਕੇ ਝੂਠੀਆਂ ਤਸੱਲੀਆਂ ਦਿੱਤੀਆਂ ਤੇ ਸੁਰਖ਼ੀਆਂ ਬਣੇ ਰਹੇ।

ਮੈਨੂੰ ਸ਼ਾਇਦ ਇਸ ਦੀ ਮਾਰ ਵਿੱਚੋਂ ਨਿਕਲਦੇ ਸਾਰੀ ਉਮਰ ਲੱਗ ਜਾਵੇਗੀ, ਅਤੇ ਆਪਣਾ ਕਸੂਰ ਲੱਭਦੇ ਵੀ ! ਲੋਕ ਮੇਰੀ ਜਾਨ ਕੱਢ ਰਹੇ, ਸੋਚਦੀ ਹਾਂ ਜਿਨ੍ਹਾਂ ਕਰਕੇ ਮੈਂ ਸਭ ਕੁੱਝ ਕੀਤਾ, ਜੋ ਬਰਾਬਰ ਦਾ ਹਿੱਸੇਦਾਰ ਸੀ, ਉਹਨੂੰ ਕਿਉਂ ਨਹੀਂ ਕਹਿੰਦੇ ਕੁੱਝ? ਵਿਦੇਸ਼ਾਂ ਵਿੱਚ ਜਾ ਕੇ, ਰਾਪਤੇ ਖ਼ਤਮ ਕਰਕੇ , ਇਹ ਮੁਸੀਬਤਾਂ ਤੋਂ ਭੱਜਣਾ ਕਿੰਨਾ ਸੌਖਾ ਹੈ !

ਸਭ ਦਾ ਸ਼ੁਕਰੀਆ।

ਅਜਿਹੀ ਪਰੇਸ਼ਾਨੀ ਦੀਆਂ ਕਹਿਰ ਵਿੱਚ, ਮੇਰਾ ਸਾਹ ਲੈਣ ਦਾ ਵੀ ਹੁਣ ਦਿਲ ਨਹੀਂ ਕਰਦਾ,ਪਰ ਰੱਬ ਨੇ ਹੌਂਸਲਾ ਦੇਣ ਵਾਲਾ ਹਮਸਫ਼ਰ ਦਿੱਤਾ ਹੈ।

ਮੇਰੀ ਜ਼ਿੰਦਗੀ ਦਾ ਅਗਲਾ ਕਾਰੋਬਾਰੀ ਸਫ਼ਰ ਮੈਂ ਅਜੇ ਤਹਿ ਨਹੀਂ ਕੀਤਾ !

ਤਾੜੀਆਂ। ਤੁਸੀਂ ਮੈਨੂੰ ਤੇ ਮੇਰੇ ਮਾਂ ਪਿਓ ਨੂੰ ਹਰਾ ਦਿੱਤਾ।”

ਦੱਸਣ ਯੋਗ ਹੈ ਕਿ ਮਨਦੀਪ ਕੌਰ ਟਾਂਗਰਾ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਨਾ ਸਰੋਤ ਵੀ ਰਹੀ ਹੈ ਤੇ ਉਹ ਸਮੇਂ ਸਮੇਂ ਤੇ ਨੌਜਵਾਨਾਂ ਨੂੰ ਇਸ ਸਬੰਧ ਵਿੱਚ ਪ੍ਰੇਰਿਤ ਕਰਦੀ ਵੀ ਆਮ ਤੌਰ ਤੇ ਦਿਖੀ। ਉਹਨਾਂ ਵੱਲੋਂ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਵਾਪਸ ਆ ਕੇ ਇੱਥੇ ਪੰਜਾਬ ਵਿੱਚ ਹੀ ਆਪਣੇ ਕਾਰੋਬਾਰ ਸਥਾਪਿਤ ਕਰਨ ਦੇ ਸਦੇ ਵੀ ਦਿੱਤੇ ਗਏ ਪਰ ਅੱਜ ਉਹ ਖੁਦ ਲੋਕਾਂ ਵੱਲੋਂ ਸਹਿਯੋਗ ਨਾ ਮਿਲਣ ਤੇ ਇਸ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਕਰਨ ਲਈ ਮਜਬੂਰ ਹੋ ਗਏ। ਇਹ ਖਬਰ ਸਾਡੇ ਪੰਜਾਬ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਲਈ ਮਾੜੀ ਖਬਰ ਹੈ। ਕਿਉਂਕਿ ਸਾਡੇ ਸਮਾਜ ਨੂੰ ਅਜਿਹੀਆਂ ਮਿਹਨਤਕਸ਼ ਔਰਤਾਂ ਦੀ ਬੇਹਦ ਲੋੜ ਹੈ। ਸਾਨੂੰ ਪੰਜਾਬ ਵਿੱਚ ਇਹ ਆਪਣਾ ਕਾਰੋਬਾਰ ਸਥਾਪਿਤ ਕਰਨ ਵਾਲੇ ਅਜਿਹੇ ਨੌਜਵਾਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਜਿਸ ਵਿੱਚ ਸ਼ਾਇਦ ਅਸੀਂ ਪੰਜਾਬੀ ਹੀ (ਭਾਵੇਂ ਵਿਦੇਸ਼ਾਂ ਵਿੱਚ ਬੈਠੇ ਹੋਣ) ਆਪਣਾ ਯੋਗਦਾਨ ਨਹੀਂ ਪਾ ਰਹੇ। ਸ਼ਾਇਦ ਇਸੇ ਕਰਕੇ ਮਨਦੀਪ ਕੌਰ ਟਾਂਗਰਾ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।

CATEGORIES
TAGS
Share This

COMMENTS

Wordpress (0)
Disqus (0 )
Translate