ਪੰਜਾਬੀਆਂ ਨੂੰ ਗਰੰਟੀਆਂ ਦੇਣ ਵਾਲਿਆਂ ਦੀ ਸਰਕਾਰ ਵਿੱਚ ਇਨਸਾਫ ਨਾ ਮਿਲਣ ਤੇ ਲੋਕ ਮੌਤ ਨੂੰ ਗਲੇ ਲਾਉਣ ਲਈ ਮਜਬੂਰ- ਜਾਖੜ

1 ਨਵੰਬਰ ਦੀ ਬਹਿਸ ਤੋਂ ਮੁੱਖ ਮੰਤਰੀ ਨੂੰ ਭੱਜਣ ਨਹੀਂ ਦਿਆਂਗੇ

ਚੰਡੀਗੜ 25 ਅਕਤੂਬਰ (ਸਚਵੀਰ ਸਿੰਘ) ਵਾਅਦਿਆਂ ਦੀ ਥਾਂ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇਣ ਵਾਲਿਆਂ ਦੀ ਸਰਕਾਰ ਵਿੱਚ ਅੱਜ ਅਜਿਹੇ ਦਿਨ ਆ ਗਏ ਕਿ ਇਨਸਾਫ ਨਾ ਮਿਲਦਾ ਦੇਖ ਲੋਕ ਦੁਖੀ ਹੋ ਕੇ ਮੌਤ ਨੂੰ ਗਲੇ ਲਾ ਰਹੇ ਹਨ। ਜੋ ਕਹਿੰਦੇ ਸੀ ਸਾਡੀ ਸਰਕਾਰ ਵਿੱਚ ਕਿਤੇ ਧਰਨਾ ਨਹੀਂ ਲੱਗਣਾ ਅੱਜ ਉਹਨਾਂ ਦੀ ਸਰਕਾਰ ਵਿੱਚ ਪਿੰਡ ਪਿੰਡ ਧਰਨੇ ਲੱਗ ਰਹੇ ਹਨ।ਸਾਰਾ ਪੰਜਾਬ ਸਰਕਾਰ ਤੋਂ ਜਵਾਬ ਮੰਗ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਇੱਥੇ ਰਾਜਪਾਲ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਜਾਖੜ 1158 ਸਹਾਇਕ ਪ੍ਰੋਫੈਸਰਾਂ ਦੇ ਵਫਦ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਣ ਲਈ ਆਏ ਹੋਏ ਸਨ। ਉਨਾਂ ਕਿਹਾ ਕਿ ਭੈਣ ਬਲਵਿੰਦਰ ਕੌਰ ਦੀ ਮੌਤ ਲਈ ਹੰਕਾਰੀ ਸਰਕਾਰ ਜਿੰਮੇਵਾਰ ਹੈ। ਬੜੀ ਮਾੜੀ ਗੱਲ ਹੈ ਕਿ ਅੱਜ ਸਾਨੂੰ ਇਨਸਾਫ ਵੀ ਨਹੀਂ ਮਿਲ ਰਿਹਾ ਤੇ ਅਸੀਂ ਇਨਸਾਫ ਲਈ ਮਾਣਯੋਗ ਗਵਰਨਰ ਦੇ ਬੂਹੇ ਨੂੰ ਖੜਕਾ ਰਹੇ ਹਾਂ। ਉਨਾਂ ਕਿਹਾ ਆਪਣੇ ਹੱਕਾਂ ਲਈ 1158 ਸਹਾਇਕ ਪ੍ਰੋਫੈਸਰ 58 ਦਿਨ ਤੋਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ ਤੇ ਇਹਨਾਂ ਨੇ ਸੱਤਾ ਦੇ ਹੰਕਾਰ ਵਿੱਚ ਘਟੀਆ ਮਾਨਸਿਕਤਾ ਵਿਖਾਉਂਦਿਆਂ ਧਰਨੇ ਨੂੰ ਚਕਾਉਣ ਲਈ ਨੀਵੇਂ ਦਰਜੇ ਦੀਆਂ ਜੋ ਕਾਰਵਾਈਆਂ ਕੀਤੀਆਂ ਉਹ ਨਿੰਦਣਯੋਗ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇੱਕ ਪੰਜ ਸਾਲ ਦੀ ਬੱਚੀ ਦੀ ਮਾਂ ਬਲਵਿੰਦਰ ਕੌਰ ਦੁਖੀ ਹੋ ਕੇ ਮੌਤ ਨੂੰ ਗਲੇ ਲਾ ਗਈ ਤੇ ਸਰਕਾਰ ਹਾਲੇ ਵੀ ਆਪਣੇ ਸਿੱਖਿਆ ਮੰਤਰੀ ਦੇ ਕਿਰਦਾਰ ਤੇ ਪਰਦਾ ਪਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਮਾਣਯੋਗ ਰਾਜਪਾਲ ਕੋਲ ਆਏ ਹਾਂ ਤੇ ਉਹਨਾਂ ਦੇ ਧਿਆਨ ਵਿੱਚ ਸਾਰਾ ਮਸਲਾ ਲਿਆਂਦਾ ਹੈ ਤੇ ਉਹਨਾਂ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨਾਂ ਕਿਹਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਪਰ ਇਹ ਲੜਾਈ ਕਿਸੇ ਧਿਰ ਦੀ ਨਹੀਂ ਸਗੋਂ ਸਰਕਾਰ ਦੇ ਹੰਕਾਰ ਨੂੰ ਤੋੜਨ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਹੈ। ਜਿਸ ਲਈ ਸਾਰੇ ਪੰਜਾਬ ਨੂੰ ਜਾਗਣਾ ਪਵੇਗਾ ਤੇ ਇਕੱਠੇ ਹੋ ਕੇ ਲੜਨਾ ਪਵੇਗਾ।ਇਕ ਨਵੰਬਰ ਦੀ ਬਹਿਸ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਿਕ ਕੱਲ ਤੱਕ ਪੀਏਯੂ ਦੇ ਉਸ ਆਡੀਟੋਰੀਅਮ ਨੂੰ ਸਰਕਾਰ ਨੇ ਬੁੱਕ ਤੱਕ ਨਹੀਂ ਕੀਤਾ ਜਿੱਥੇ ਮੁੱਖ ਮੰਤਰੀ ਵਲੋਂ ਬਹਿਸ ਰੱਖੀ ਗਈ ਹੈ। ਜਿਸ ਤੋਂ ਸਾਫ ਹੈ ਕਿ ਇਹ ਕਿਤੇ ਹੁਣ ਭੱਜਣ ਦੀ ਤਾਕ ਵਿੱਚ ਹਨ ਪਰ ਮੈਂ ਤਾਂ ਬਹਿਸ ਵਿਚ ਜਾਵਾਂਗਾ ਤੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਮੁੱਖ ਮੰਤਰੀ ਤੋਂ ਜਵਾਬ ਲੈ ਕੇ ਹਟਾਂਗੇ ਤੇ ਇਹਨਾਂ ਨੂੰ ਭੱਜਣ ਨਹੀਂ ਦਿਆਂਗੇ। ਕਿਉਂਕਿ ਸਾਰਾ ਪੰਜਾਬ ਆਪ ਸਰਕਾਰ ਤੋਂ ਜਵਾਬ ਮੰਗ ਰਿਹਾ ਹੈ।ਇਸ ਮੌਕੇ ਤੇ ਕਨਵੀਨਰ ਜਸਵਿੰਦਰ ਕੌਰ ਨੇ ਕਿਹਾ ਕਿ ਚੋਣਾਂ ਮੌਕੇ ਲੋਕਾਂ ਨੂੰ ਗਰੰਟੀਆਂ ਦੇ ਕੇ ਸਰਕਾਰ ਭੱਜ ਗਈ ਹੈ ਤੇ ਅੱਜ ਇੰਨੇ ਮਾੜੇ ਦਿਨ ਆ ਗਏ ਕਿ ਸਾਨੂੰ ਇਨਸਾਫ ਲਈ ਧੱਕੇ ਖਾਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਭੈਣ ਦੀ ਕੁਰਬਾਨੀ ਦਾ ਇਨਸਾਫ ਅਸੀਂ ਹਰ ਹੀਲੇ ਲੈ ਕੇ ਹਟਾਂਗੇ। ਇਸ ਮੌਕੇ ਤੇ ਅਜੇਵੀਰ ਸਿੰਘ ਲਾਲਪੁਰਾ ਜ਼ਿਲਾ ਪ੍ਰਧਾਨ ਭਾਜਪਾ ਸਮੇਤ ਮ੍ਰਿਤਕ ਪ੍ਰੋਫੈਸਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate