ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਆਖਰੀ ਕੋਸ਼ਿਸ ਕਰ ਰਹੇ ਹਨ ਪਰ ਜਲੰਧਰ ਪੱਛਮੀ ਚੋਣ ਲਈ ‘ਆਪ’ ਦੀ ਹਾਰ ਕੰਧ ‘ਤੇ ਲਿਖੀ ਹੈ-ਸੁਨੀਲ ਜਾਖੜ

ਅਸੀਂ ਲੋਕ ਸਭਾ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਇਹ ਕਾਫੀ ਨਹੀਂ ਹੈ, ਜਾਖੜ ਨੇ ਵਰਕਰਾਂ ਨੂੰ ਸਖ਼ਤ ਮਿਹਨਤ ਅਤੇ ਲੋਕਾਂ ਦੀ ਸੇਵਾ ਕਰਨ ਦੀ ਕੀਤੀ ਅਪੀਲ
-ਆਪ ਤੇ ਕਾਂਗਰਸ ਦੇ ਨਾਪਾਕ ਗਠਜੋੜ ਦਾ ਪਰਦਾਫਾਸ਼ ਕਰਨ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਭਾਜਪਾ ਦੀ ਜ਼ਿੰਮੇਵਾਰੀ ਵਧੀ
ਚੰਡੀਗੜ੍ਹ 15 ਜੂਨ (ਪੋਸਟਮੇਲ ਬਿਊਰੋ)
ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੇ ਪੰਜਾਬੀਆਂ ਦੇ ਸਮਰੱਥਨ ਨੇ ਪਾਰਟੀ ਦਾ ਹੌਂਸਲਾ ਵਧਾਇਆ ਹੈ ਅਤੇ ਇਹ ਸਾਡੀ ਜਿੰਮੇਵਾਰੀ ਵੀ ਵਧਾਉਣ ਵਾਲਾ ਹੈ ਕਿਉਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਲੋਕ ਪਾਰਟੀ ਨੂੰ ਰਾਜ ਵਿਚ ਵੱਡੀ ਜਿੰਮੇਵਾਰੀ ਦੇਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਾਰਟੀ ਦੇ ਹਰੇਕ ਵਰਕਰ ਨੂੰ ਹੁਣ ਤੋਂ ਹੀ ਸਖ਼ਤ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਅਸੀਂ ਲੋਕ ਸਭਾ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਇਹ ਬਿਹਤਰ ਹੋਣਾ ਕਾਫ਼ੀ ਨਹੀਂ ਹੈ ਅਤੇ ਸਾਨੂੰ 2027 ਵਿੱਚ ਸੂਬੇ ਦੀ ਸੇਵਾ ਕਰਨ ਲਈ ਹੋਰ ਕੰਮ ਕਰਨ ਦੀ ਦੀ ਲੋੜ ਹੈ, ” ਜਾਖੜ ਨੇ ਇਹ ਆਖਦਿਆਂ ਇਹ ਵੀ ਸਵੀਕਾਰ ਕੀਤਾ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀਆਂ ਰਵਾਇਤੀ ਸੀਟਾਂ ਦੇ ਨਤੀਜੇ ਉਮੀਦ ਅਨੁਸਾਰ ਨਹੀਂ ਰਹੇ।
ਜਾਖੜ ਨੇ ਇੱਥੇ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਰੇ ਪਾਰਟੀ ਆਗੂਆਂ ਵਰਕਰਾਂ ਤੇ ਪੰਜਾਬ ਦੇ ਲੋਕਾਂ ਦਾ ਸਮਰਥਨ ਤੇ ਅਸ਼ੀਰਵਾਦ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਪਿਛਲੇ 6.5% ਫੀਸਦੀ ਦੇ ਪ੍ਰਦਰਸ਼ਨ ਤੋਂ 18.5% ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜੋ ਦਰਸਾਉਂਦੀ ਹੈ ਕਿ ਅਸੀਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਭਾਜਪਾ ਨੂੰ ਵੋਟ ਪਾਈ ਹੈ।
ਉਨਾਂ ਕਿਹਾ ਕਿ ਅਸੀਂ ਉਨ੍ਹਾਂ ਮੰਡਲਾਂ (ਹਲਕਿਆਂ) ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਪਾਰਟੀ ਸਾਡੇ ਮੰਡਲਾਂ ਅਤੇ ਬੂਥ ਪ੍ਰਧਾਨਾਂ ਨੂੰ ਸਨਮਾਨ ਪੱਤਰਾਂ ਨਾਲ ਸਨਮਾਨਿਤ ਕਰੇਗੀ।
ਜਾਖੜ ਨੇ ਰੇਲ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਮੌਜੂਦਗੀ ਵਿੱਚ ਇੱਕ ਵਾਰ ਫਿਰ ਪਾਰਟੀ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਚੋਣਾਂ ਦੌਰਾਨ ਅਗਵਾਈ ਲਈ ਧੰਨਵਾਦ ਕੀਤਾ।
ਪਾਰਟੀ ਦਫ਼ਤਰ ਵਿਖੇ ਰਵਨੀਤ ਬਿੱਟੂ ਦਾ ਰਸਮੀ ਸਵਾਗਤ ਕਰਦਿਆਂ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਪ੍ਰਧਾਨ ਮੰਤਰੀ ਦੇ ਪੰਜਾਬ, ਜੋ ਕਿ ਉਨ੍ਹਾਂ ਦੀ ਕਰਮਭੂਮੀ ਹੈ, ‘ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦਾ ਹੈ।
ਇਸ ਗੱਲ ‘ਤੇ ਜ਼ੋਰ ਦਿੰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵਿੱਚ ਲੋਕਾਂ ਦੇ ਭਰੋਸੇ ਨੇ ਪਾਰਟੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਭਾਜਪਾ ਦੇ ਭਾਵੇਂ ਇਸ ਸਮੇਂ ਵਿਧਾਨ ਸਭਾ ਵਿੱਚ 2 ਵਿਧਾਇਕ ਹਨ ਪਰ ‘ਆਪ’ ਅਤੇ ਕਾਂਗਰਸ ਦੇ ਗੈਰ-ਇਖਲਾਕੀ ਗਠਜੋੜ ਨੂੰ ਬੇਨਕਾਬ ਕਰਨ ਲਈ ਅਸਲ ਵਿਰੋਧੀ ਧਿਰ ਦੀ ਭੂਮਿਕਾ ਭਾਜਪਾ ਹੀ ਨਿਭਾਏਗੀ।
‘ਆਪ’ ਅਤੇ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਵਿਰੁੱਧ ਕੀਤੇ ਜਾ ਰਹੇ ਭੈੜੇ ਪ੍ਰਚਾਰ ਨੂੰ ਉਜਾਗਰ ਕਰਦਿਆਂ ਜਾਖੜ ਨੇ ਪਾਰਟੀ ਵਰਕਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ 23 ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦੀ ਅਗਵਾਈ ਕਰਦਿਆਂ ਸੂਬੇ ਭਰ ‘ਚ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਹੈ।
ਜਾਖੜ ਨੇ ਪੰਜਾਬ ਦੇ ਰਾਈਸ ਮਿੱਲਰਾਂ ਦੇ ਮੁੱਦਿਆਂ ਬਾਰੇ ਵੀ ਗੱਲ ਕੀਤੀ ਅਤੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਇਹ ਮੁੱਦਾ ਉਠਾਉਣ ਲਈ ਆਪਣਾ ਪੱਤਰ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸੌਂਪਿਆ।
ਕੇਂਦਰੀ ਖਪਤਕਾਰ ਮਾਮਲਿਆਂ ਦੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਜਾਖੜ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਸੂਬਾ ਸਰਕਾਰ ਦੀ ਦੂਰਅੰਦੇਸ਼ੀ ਅਤੇ ਫੈਸਲੇ ਲੈਣ ਦੀ ਘਾਟ ਨੇ ਪੰਜਾਬ ਦੀਆਂ 1000 ਦੇ ਕਰੀਬ ਚੌਲ ਮਿੱਲਾਂ ਦੇ ਕੰਮਕਾਜ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਜੋ ਕਿ ਬੰਦ ਹੋਣ ਕਿਨਾਰੇ ਹਨ। ਉਨ੍ਹਾਂ ਦੇ ਚਾਵਲ ਸਮੇਂ ਸਿਰ ਨਹੀਂ ਚੁੱਕੇ ਜਾ ਰਹੇ ਹਨ।
ਜਾਖੜ ਨੇ ਬਿੱਟੂ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕਰਦਿਆਂ ਦੋਸ਼ ਲਾਇਆ ਕਿ ਚੌਲਾਂ ਦੀ ਇਸ ਦੇਰੀ ਨਾਲ ਰਾਈਸ ਮਿੱਲਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਡੀ ਸੂਬਾ ਸਰਕਾਰ ਸੁੱਤੀ ਪਈ ਹੈ।
ਕਿਸਾਨਾਂ ਦੇ ਮਸਲਿਆਂ ਦੇ ਹੱਲ ਬਾਰੇ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੋਵੇਂ ਹੀ ਸਾਡੇ ਕਿਸਾਨਾਂ ਦੇ ਸਾਰੇ ਅਸਲ ਮੁੱਦਿਆਂ ਨੂੰ ਹੱਲ ਕਰਨ ਲਈ ਉਤਸੁਕ ਹਨ ਅਤੇ ਅਸੀਂ ਆਪਣੇ ਸਾਰੇ ਅੰਨਦਾਤਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।
ਆਗਾਮੀ ਜ਼ਿਮਨੀ ਚੋਣ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਜਲੰਧਰ ਪੱਛਮੀ ਵਿੱਚ ‘ਆਪ’ ਦੀ ਹਾਰ ਕੰਧ ‘ਤੇ ਲਿਖਿਆ ਹੋਇਆ ਸੱਚ ਹੈ ਅਤੇ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਉਨਾਂਹ ਨੇ ਕਿਹਾ ਕਿ ਭਗਵੰਤ ਮਾਨ ਜੀ ਜਲੰਧਰ ‘ਚ ਕਿਰਾਏ ‘ਤੇ ਘਰ ਲੈ ਕੇ ਭਾਵੇਂ ਕੋਈ ਵੀ ਸਟੰਟ ਕਰਨ, ਪਰ ਲੋਕਾਂ ਨੇ ‘ਆਪ’ ਨੂੰ ਪੰਜਾਬ ‘ਚੋਂ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਉਥੇ ਜਾ ਰਹੇ ਹਨ, ਸਿਰਫ ਉਪ ਚੋਣ ਜਿੱਤਣ ਲਈ ਨਹੀਂ।

CATEGORIES
TAGS
Share This

COMMENTS

Wordpress (0)
Disqus (0 )
Translate