ਬਾਬੇ ਨਾਨਕ ਦੀ ਧਰਤੀ ਤੋਂ ਹੋਵੇਗੀ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਦੀ ਸ਼ੁਰੂਆਤ-ਡਾ.ਰਵਜੋਤ ਸਿੰਘ
ਸਥਾਨਕ ਸਰਕਾਰਾਂ ਬਾਰੇ ਨਵੇਂ ਬਣੇ ਮੰਤਰੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਏ ਨਤਮਸਤਕ
ਜਲੰਧਰ, 25 ਸਤੰਬਰ
ਪੰਜਾਬ ਦੇ ਨਵ ਨਿਯੁਕਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਹੁਦਾ ਸੰਭਾਲਣ ਤੋਂ ਬਾਅਦ ਨਿਰਮਲ ਕੁਟੀਆ ਸੀਚੇਵਾਲ ਵਿਖੇ ਨਤਮਸਤਕ ਹੋਏ। ਸਭ ਤੋਂ ਪਹਿਲਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ, ਉਪਰੰਤ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਗੱਲਬਾਤ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੀ ਧਰਤੀ ਤੋਂ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਗੁਜ਼ਾਰਿਆ ਅਤੇ ਇਸ ਸ਼ਹਿਰ ਦੇ ਵਿਕਾਸ ਤੋਂ ਸ਼ੁਰੂਆਤ ਕਰਕੇ ਪੰਜਾਬ ਦੇ ਬਾਕੀ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਸੰਜੀਦੀਗੀ ਨਾਲ ਯਤਨਸ਼ੀਲ ਰਹੇਗੀ।
ਡਾ. ਰਵਜੋਤ ਨੇ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਪ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ, ਉਸਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਮੁੜ ਨਿਰਮਲ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਵੱਲੋਂ 25 ਸਾਲਾਂ ਤੋਂ ਕੀਤਾ ਗਿਆ ਨਿਸ਼ਕਾਮ ਕਾਰਜ ਹੈ, ਜਿਹੜਾ ਦੇਸ਼ ਲਈ ਇੱਕ ਵੱਡੀ ਮਿਸਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦਰਿਆਵਾਂ ਨੂੰ ਕਿਵੇਂ ਸਾਫ-ਸੁਥਰਾ ਰੱਖਣਾ ਹੈ, ਹੁਣ ਇਸ ਦੀ ਅਗਵਾਈ ਵੀ ਪੰਜਾਬ ਕਰੇਗਾ ਤੇ ਇਸਦੀ ਸੇਧ ਬਾਬੇ ਨਾਨਕ ਦੀ ਇਸ ਪਵਿੱਤਰ ਵੇਈਂ ਤੋਂ ਲਵੇਗਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਨ ‘ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸ਼ਹਿਰੀ ਖੇਤਰ ਨੂੰ ਨਵੀਂ ਦਿੱਖ ਮਿਲੇਗੀ।ਇਸ ਮੌਕੇ ਸ਼ਾਹਕੋਟ ਹਲਕਾ ਦੇ ਇੰਚਾਰਜ ਪਿੰਦਰ ਪੰਡੋਰੀ, ਵਾਇਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਚੱਕਚੇਲਾ ਤੇ ਪਿੰਡ ਨਿਵਾਸੀ ਮੌਜੂਦ ਰਹੇ।